ਪਤੰਗ ਦਾ ਸ਼ੌਕ ਬਣਿਆ ਮੌਤ ਦਾ ਕਾਰਨ, ਤੀਜੀ ਮੰਜ਼ਿਲ ਤੋਂ ਡਿੱਗ ਕੇ 12 ਸਾਲੇ ਬੱਚੇ ਦੀ ਮੌਤ
ਪਿੰਡ ਤੁੰਗਾਂ ’ਚ ਛਾਈ ਮਾਤਮ ਦੀ ਲਹਿਰ

ਪਿੰਡ ਤੁੰਗਾਂ, ਜ਼ਿਲ੍ਹਾ ਸੰਗਰੂਰ ਤੋਂ ਇਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ,
ਜਿੱਥੇ ਪਤੰਗ ਚੜਾਉਂਦੇ ਹੋਏ 12 ਸਾਲ ਦੇ ਮਾਸੂਮ ਬੱਚੇ ਦੀ ਆਪਣੇ ਹੀ ਘਰ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ।
ਮ੍ਰਿਤਕ ਬੱਚੇ ਦੀ ਪਹਿਚਾਣ ਹਰਜੋਤ ਸਿੰਘ ਵਜੋਂ ਹੋਈ ਹੈ,
ਜੋ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਜਾਣਕਾਰੀ ਅਨੁਸਾਰ, ਤਿੰਨ ਮੰਜ਼ਲਾ ਕੋਠੀ ਦੇ ਉੱਪਰ ਲਿਫਟ ਲਈ ਬਣੀ ਜਗ੍ਹਾ ’ਤੇ ਲੱਗੀਆਂ ਗਰਿੱਲਾਂ ਦੇ ਕੋਲ
ਹਰਜੋਤ ਪਤੰਗ ਉਡਾ ਰਿਹਾ ਸੀ, ਜਦੋਂ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਤੀਜੀ ਮੰਜ਼ਿਲ ਤੋਂ ਥੱਲੇ ਡਿੱਗ ਪਿਆ।
ਹਾਦਸੇ ਤੋਂ ਬਾਅਦ ਪਰਿਵਾਰ ਤੁਰੰਤ ਬੱਚੇ ਨੂੰ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਲੈ ਕੇ ਗਿਆ,
ਜਿੱਥੋਂ ਡਾਕਟਰਾਂ ਨੇ ਉਸਨੂੰ ਪਟਿਆਲਾ ਦੇ ਅਮਰ ਹਸਪਤਾਲ ਲਈ ਰੈਫਰ ਕਰ ਦਿੱਤਾ,
ਪਰ ਅਫਸੋਸ, ਰਸਤੇ ਵਿੱਚ ਹੀ ਬੱਚੇ ਨੇ ਦਮ ਤੋੜ ਦਿੱਤਾ।
ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ,
ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਅੱਜ ਸਵੇਰੇ ਕਰੀਬ 11 ਵਜੇ ਹਰਜੋਤ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ,
ਪਰ ਪਤੰਗ ਚੜ੍ਹਾਉਣ ਦੇ ਇੱਕ ਪਲ ਦੇ ਸ਼ੌਕ ਨੇ ਪਰਿਵਾਰ ਤੋਂ ਉਹਨਾਂ ਦਾ ਇਕਲੌਤਾ ਚਿਰਾਗ ਸਦਾ ਲਈ ਖੋਹ ਲਿਆ।



