ਪਟਿਆਲਾ ‘ਚ ਪ੍ਰਸ਼ਾਸਨ ਦੀ ਲਾਪਰਵਾਹੀ ਬੇਨਕਾਬ, ਗਰੀਬ ਲੋਕ ਕੜਾਕੇ ਦੀ ਠੰਡ ‘ਚ ਸੜਕਾਂ ‘ਤੇ ਸੋਣ ਲਈ ਮਜਬੂਰ

ਪਟਿਆਲਾ ਦਾ ਪ੍ਰਸ਼ਾਸਨ ਇਸ ਸਮੇਂ ਕੁੰਭਕਰਨੀ ਨੀਂਦ ਵਿੱਚ ਸੁੱਤਾ ਹੋਇਆ ਦਿੱਖ ਰਿਹਾ ਹੈ। ਇੱਕ ਪਾਸੇ ਟੈਕਸ ਪੇਅਰ ਦੇ ਪੈਸਿਆਂ ਨਾਲ ਗਰੀਬਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਰਹਿਣ ਬਸੇਰੇ ਬਣਾਏ ਗਏ ਹਨ, ਪਰ ਦੂਜੇ ਪਾਸੇ ਸਖ਼ਤ ਨਿਯਮ ਲਾਗੂ ਕਰਕੇ ਗਰੀਬ ਲੋਕਾਂ ਨੂੰ ਕੜਾਕੇ ਦੀ ਠੰਡ ਵਿੱਚ ਸੜਕਾਂ ਉੱਤੇ ਸੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਇਹ ਨਿਯਮ ਲਾਗੂ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਕੋਲ ਆਧਾਰ ਕਾਰਡ ਨਹੀਂ ਹੈ, ਉਹਨਾਂ ਨੂੰ ਰਹਿਣ ਬਸੇਰੇ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ। ਇਸ ਕਾਰਨ ਦਿਹਾੜੀਦਾਰ ਮਜ਼ਦੂਰ, ਪ੍ਰਵਾਸੀ ਅਤੇ ਬੇਸਹਾਰਾ ਲੋਕ ਰਾਤਾਂ ਸੜਕਾਂ ਉੱਤੇ ਗੁਜ਼ਾਰ ਰਹੇ ਹਨ।
ਖੰਡਾ ਚੌਂਕ ਤੋਂ ਮਿਲੀਆਂ ਤਸਵੀਰਾਂ ਇਸ ਗੰਭੀਰ ਸਥਿਤੀ ਨੂੰ ਸਾਫ਼ ਦਰਸਾਉਂਦੀਆਂ ਹਨ, ਜਿੱਥੇ ਰਹਿਣ ਬਸੇਰੇ ਤੋਂ ਲਗਭਗ 30 ਮੀਟਰ ਦੀ ਦੂਰੀ ‘ਤੇ ਗਰੀਬ ਲੋਕ ਠੰਢੀ ਸੜਕ ‘ਤੇ ਸੁੱਤੇ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜੇ ਕਰਦੀਆਂ ਹਨ।
ਸਮਾਜਿਕ ਸੰਗਠਨਾਂ ਅਤੇ ਸਥਾਨਕ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਮਨੁੱਖੀ ਹਮਦਰਦੀ ਦੇ ਅਧਾਰ ‘ਤੇ ਨਿਯਮਾਂ ‘ਚ ਢਿੱਲ ਦੇਵੇ ਤਾਂ ਜੋ ਕੋਈ ਵੀ ਵਿਅਕਤੀ ਠੰਡ ਕਾਰਨ ਆਪਣੀ ਜਾਨ ਖਤਰੇ ਵਿੱਚ ਨਾ ਪਾਏ।
ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ‘ਚ ਕੀ ਕਾਰਵਾਈ ਕਰਦਾ ਹੈ ਜਾਂ ਫਿਰ ਗਰੀਬ ਲੋਕਾਂ ਦੀ ਮੁਸ਼ਕਲ ਅਜਿਹਾ ਹੀ ਜਾਰੀ ਰਹੇਗੀ।



