ਮੁਕੇਰੀਆ ‘ਚ ਜੌਇ ਜੁਐਲਰ ਦੀ ਦੁਕਾਨ ‘ਤੇ ਡੇਢ ਕਰੋੜ ਦੀ ਵੱਡੀ ਚੋਰੀ
ਦੇਰ ਰਾਤ 10–12 ਚੋਰਾਂ ਨੇ ਜੁਐਲਰੀ ਸ਼ਾਪ ਨੂੰ ਬਣਾਇਆ ਨਿਸ਼ਾਨਾ

ਹੁਸ਼ਿਆਰਪੁਰ ਦੇ ਮੁਕੇਰੀਆ ਵਿੱਚ ਦੇਰ ਰਾਤ ਜੌਇ ਜੁਐਲਰ ਦੀ ਦੁਕਾਨ ‘ਤੇ ਵੱਡੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਚੋਰਾਂ ਵੱਲੋਂ ਲਗਭਗ ਡੇਢ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਵਿਧਾਇਕ ਜੰਗੀ ਲਾਲ ਮਹਾਜਨ ਵੀ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਨੂੰ ਜਲਦ ਸੁਲਝਾਉਣ ਦੀ ਮੰਗ ਕੀਤੀ। ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਹੁਸ਼ਿਆਰਪੁਰ ਦੇ ਮੁਕੇਰੀਆ ਤਲਵਾੜਾ ਰੋਡ ‘ਤੇ ਸਥਿਤ ਜੌਇ ਜੁਐਲਰ ਦੀ ਵੱਡੀ ਦੁਕਾਨ ‘ਤੇ ਰਾਤ ਕਰੀਬ 1 ਵੱਜ ਕੇ 30 ਮਿੰਟ ‘ਤੇ 10 ਤੋਂ 12 ਅਣਪਛਾਤੇ ਵਿਅਕਤੀਆਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਵੱਲੋਂ ਦੁਕਾਨ ਦਾ ਛੱਤ ਤੋੜ ਕੇ ਅੰਦਰ ਦਾਖਲ ਹੋ ਕੇ ਚੋਰੀ ਕੀਤੀ ਗਈ, ਜਿਸ ਦੀ ਪੂਰੀ ਰਿਕਾਰਡਿੰਗ ਸੀਸੀਟੀਵੀ ਵਿੱਚ ਕੈਦ ਹੋ ਗਈ।
ਦੁਕਾਨ ਮਾਲਕ ਮਨੂ ਮਹਾਜਨ ਨੇ ਦੱਸਿਆ ਕਿ ਉਸਨੂੰ ਰਾਤ ਨੂੰ ਪੜੋਸੀ ਵੱਲੋਂ ਫੋਨ ਆਇਆ ਕਿ ਕੁਝ ਲੋਕ ਦੁਕਾਨ ਦੀ ਛੱਤ ਤੋੜ ਰਹੇ ਹਨ। ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਚੋਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਉਸਨੇ ਦੱਸਿਆ ਕਿ ਚੋਰ ਲਗਭਗ 45 ਕਿਲੋ ਚਾਂਦੀ ਅਤੇ 400 ਗ੍ਰਾਮ ਸੋਨਾ ਚੋਰੀ ਕਰਕੇ ਲੈ ਗਏ ਹਨ, ਜਿਸ ਦੀ ਕੀਮਤ ਡੇਢ ਕਰੋੜ ਰੁਪਏ ਤੋਂ ਉੱਪਰ ਦੱਸੀ ਜਾ ਰਹੀ ਹੈ। ਪੀੜਤ ਦੁਕਾਨਦਾਰ ਨੇ ਪੁਲਿਸ ਤੋਂ ਜਲਦ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।



