ਸੰਗਰੂਰ ਵਿੱਚ ਕਾਂਗਰਸ ਦੀ ਵੱਡੀ ਰੈਲੀ, ਮਨਰੇਗਾ ਸਕੀਮ ਦੇ ਨਾਮ ਬਦਲਣ ਅਤੇ ਨੀਤੀਆਂ ‘ਚ ਤਬਦੀਲੀ ਦਾ ਵਿਰੋਧ

ਸੰਗਰੂਰ ਜ਼ਿਲ੍ਹੇ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ਼ ਵੱਡੇ ਪੱਧਰ ‘ਤੇ ਰੈਲੀ ਕੀਤੀ ਗਈ। ਇਹ ਰੈਲੀ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਦਾ ਨਾਮ ਬਦਲ ਕੇ “ਜੀ ਰਾਮ ਜੀ” ਕਰਨ ਅਤੇ ਸਕੀਮ ਦੀ ਨੀਤੀ ਵਿੱਚ ਤਬਦੀਲੀਆਂ ਕਰਨ ਦੇ ਵਿਰੋਧ ਵਿੱਚ ਆਯੋਜਿਤ ਕੀਤੀ ਗਈ।

ਇਸ ਰੈਲੀ ਨੂੰ ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ ਭੁਪੇਸ਼ ਬਘੇਲ ਨੇ ਲੀਡ ਕੀਤਾ। ਰੈਲੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਗਰੂਰ ਤੋਂ ਕਾਂਗਰਸ ਨੇਤਾ ਵਿਜਿੰਦਰ ਸਿੰਘਲਾ ਸਮੇਤ ਕਈ ਸੀਨੀਅਰ ਆਗੂ ਮੌਜੂਦ ਰਹੇ।
ਮਨਰੇਗਾ ‘ਚ ਤਬਦੀਲੀ ਗਰੀਬਾਂ ਲਈ ਨੁਕਸਾਨਦਾਇਕ: ਰਾਜਾ ਵੜਿੰਗ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿਰਫ ਮਨਰੇਗਾ ਦਾ ਨਾਮ ਹੀ ਨਹੀਂ ਬਦਲਿਆ ਗਿਆ, ਸਗੋਂ ਸਕੀਮ ਦੇ ਨਿਯਮਾਂ ਵਿੱਚ ਵੀ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਹਨ, ਜੋ ਮਜ਼ਦੂਰ ਵਰਗ ਅਤੇ ਗਰੀਬ ਪਰਿਵਾਰਾਂ ਲਈ ਨੁਕਸਾਨਦਾਇਕ ਹਨ।
ਉਹਨਾਂ ਕਿਹਾ ਕਿ ਲੱਖਾਂ ਲੋਕ ਪਿਛਲੇ ਕਈ ਸਾਲਾਂ ਤੋਂ ਇਸ ਸਕੀਮ ਦਾ ਲਾਭ ਲੈ ਰਹੇ ਸਨ, ਪਰ ਹੁਣ ਨਵੇਂ ਨਿਯਮਾਂ ਕਾਰਨ ਲੋਕਾਂ ਦੇ ਕੰਮਕਾਜ ‘ਤੇ ਅਸਰ ਪਵੇਗਾ। ਰਾਜਾ ਵੜਿੰਗ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ।

ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਮਨਰੇਗਾ ਸਕੀਮ ਗਰੀਬਾਂ ਲਈ ਰੋਜ਼ਗਾਰ ਦਾ ਵੱਡਾ ਸਹਾਰਾ ਸੀ, ਪਰ ਕੇਂਦਰ ਸਰਕਾਰ ਇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਸ਼ਰਮਨਾਕ ਗੱਲ ਹੈ।

ਆਤਸ਼ੀ ਦੇ ਬਿਆਨ ‘ਤੇ ਮਾਫੀ ਦੀ ਮੰਗ

ਇਸ ਮੌਕੇ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਨੇਤਾ ਆਤਸ਼ੀ ਵੱਲੋਂ ਦਿੱਤੇ ਗਏ ਬਿਆਨ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ‘ਤੇ ਕੜਾ ਐਤਰਾਜ਼ ਜਤਾਇਆ।
ਉਹਨਾਂ ਕਿਹਾ ਕਿ ਜੇਕਰ ਇਹ ਗਲਤੀ ਨਾਲ ਹੋਇਆ ਹੈ ਤਾਂ ਆਤਸ਼ੀ ਨੂੰ ਗੁਰੂ ਸਾਹਿਬਾਨਾਂ ਅਤੇ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ ‘ਤੇ ਮਾਫੀ ਮੰਗਣੀ ਚਾਹੀਦੀ ਹੈ। ਨਹੀਂ ਤਾਂ ਪੰਜਾਬ ਦੀ ਜਨਤਾ ਇਸਦਾ ਜਵਾਬ ਜਲਦ ਦੇਵੇਗੀ।

ਇਸ਼ਤਿਹਾਰਾਂ ਲਈ ਪੈਸਾ, ਮਨਰੇਗਾ ਲਈ ਨਹੀਂ? — ਪ੍ਰਤਾਪ ਬਾਜਵਾ

ਉੱਥੇ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਹੈ ਕਿ ਮਨਰੇਗਾ ਲਈ ਪੈਸਾ ਨਹੀਂ ਹੈ, ਪਰ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਇਸ਼ਤਿਹਾਰਾਂ ਲਈ ਰਕਮ ਖਰਚ ਕੀਤੀ ਜਾ ਰਹੀ ਹੈ।

ਉਹਨਾਂ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਤੋਂ ਸਵਾਲ ਪੁੱਛਿਆ ਕਿ ਜੇ ਮਨਰੇਗਾ ਲਈ ਫੰਡ ਨਹੀਂ, ਤਾਂ ਇਸ਼ਤਿਹਾਰਾਂ ਲਈ ਪੈਸਾ ਕਿੱਥੋਂ ਆ ਰਿਹਾ ਹੈ। ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਇਸ਼ਤਿਹਾਰਬਾਜ਼ੀ ਦੀ ਬਜਾਏ ਲੋਕ-ਭਲਾਈ ਸਕੀਮਾਂ ‘ਤੇ ਧਿਆਨ ਦੇਣਾ ਚਾਹੀਦਾ ਹੈ।

ਰੈਲੀ ਰਾਹੀਂ ਸਰਕਾਰਾਂ ਨੂੰ ਚੇਤਾਵਨੀ

ਕਾਂਗਰਸ ਆਗੂਆਂ ਨੇ ਕਿਹਾ ਕਿ ਜੇਕਰ ਮਨਰੇਗਾ ਸਕੀਮ ਨਾਲ ਹੋ ਰਹੇ ਫੇਰਬਦਲ ਵਾਪਸ ਨਾ ਲਏ ਗਏ ਤਾਂ ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਅੰਦੋਲਨ ਕੀਤਾ ਜਾਵੇਗਾ। ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਵਰਕਰ ਅਤੇ ਸਮਰਥਕ ਮੌਜੂਦ ਰਹੇ ਅਤੇ ਕੇਂਦਰ ਤੇ ਰਾਜ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button