ਮਲਸੀਆਂ-ਨਕੋਦਰ ਨੈਸ਼ਨਲ ਹਾਈਵੇ ਤੇ ਟਰੱਕ ਦੀ ਟੱਕਰ ਨਾਲ ਇੱਟਾਂ ਭਰੀ ਟਰਾਲੀ ਪਲਟੀ

ਸ਼ਾਹਕੋਟ/ਮਲਸੀਆਂ, 19 ਅਕਤੂਬਰ (ਸਾਹਬੀ ਦਾਸੀਕੇ ਸ਼ਾਹਕੋਟੀ): ਮਲਸੀਆਂ ਨਜਦੀਕ ਨੈਸ਼ਨਲ ਹਾਈਵੇ ਉੱਪਰ ਸੋਮਵਾਰ ਸਵੇਰੇ ਇੱਟਾਂ ਨਾਲ ਲੱਦੀ ਟਰਾਲੀ ਨੂੰ ਟਰੱਕ ਦੀ ਟੱਕਰ ਵੱਜਣ ਕਾਰਨ ਟਰਾਲੀ ਪਲਟ ਗਈ।ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਅਰਜੁਨ ਟਰੈਕਟਰ ਪਿੱਛੇ ਇੱਟਾਂ ਦੀ ਟਰਾਲੀ ਲੱਦ ਕੇ ਜਲਾਲਾਬਾਦ ਤੋਂ ਜਲੰਧਰ ਜਾ ਰਿਹਾ ਸੀ। ਜਦੋਂ ਉਹ ਸਵੇਰੇ ਕਰੀਬ 4 ਵਜੇ ਮਲਸੀਆਂ-ਨਕੋਦਰ ਨੈਸ਼ਨਲ ਹਾਈਵੇ ਤੇ ਨਰਸਰੀ ਕੋਲ ਪਹੁੰਚਿਆ ਤਾਂ ਟਰਾਲੀ ਨੂੰ ਇੱਕ ਟਰੱਕ ਵਲੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ-ਟਰਾਲੀ ਬੇਕਾਬੂ ਹੋ ਗਏ। ਟਰੈਕਟਰ ਦਾ ਮਗਰ ਵਾਲਾ ਵੱਡਾ ਟਾਇਰ ਅਚਾਨਕ ਫੱਟ ਗਿਆ, ਜਿਸ ਕਾਰਨ ਇੱਟਾਂ ਨਾਲ ਲੱਦੀ ਟਰਾਲੀ ਸੜਕ ’ਤੇ ਪਲਟ ਗਈ। ਹਾਦਸੇ ਦੌਰਾਨ ਟਰੈਕਟਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਟਰੱਕ ਵਲੋਂ ਇੱਕ ਹੋਰ ਟਰੈਕਟਰ-ਟਰਾਲੀ ਨੂੰ ਵੀ ਟੱਕਰ ਮਾਰ ਦਿੱਤੀ, ਜੋ ਡਿਵਾਈਡਰ ਨਾਲ ਟਕਰਾ ਕੇ ਹੇਠਾਂ ਉੱਤਰ ਗਿਆ। ਹਾਦਸੇ ਦੌਰਾਨ ਸਾਰਿਆਂ ਦਾ ਬਚਾਅ ਰਿਹਾ।



