ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ: 10 ਮੋਟਰਸਾਈਕਲਾਂ ਸਮੇਤ ਦੋ ਗ੍ਰਿਫਤਾਰ

ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਭੀੜਭਾੜ ਵਾਲੇ ਇਲਾਕਿਆਂ ਵਿੱਚ ਮੋਟਰਸਾਈਕਲ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ‘ਤੇ ਕਾਬੂ ਪਾਉਂਦਿਆਂ ਦੋ ਸ਼ਖ਼ਸਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਕੁੱਲ 10 ਮੋਟਰਸਾਈਕਲਾਂ ਬਰਾਮਦ ਕੀਤੀਆਂ ਗਈਆਂ।
ਡੀਐਸਪੀ ਸਿਟੀ–1 ਸਤਨਾਮ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਥਾਣਾ ਜੋਤਾ ਇਲਾਕੇ ਦਾ ਰਹਿਣ ਵਾਲਾ ਸੂਮਿਤ ਨਾਮਕ ਵਿਅਕਤੀ ਇੱਕ ਮੋਟਰਸਾਈਕਲ ਚੁਰਾਕੇ ਨਾਭਾ ਰੋਡ ਸਥਿਤ ਪੀਐਸ ਪੀਸੀਐਲ ਵਰਕਸ਼ਾਪ ‘ਤੇ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਿਵਲ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੂਮਿਤ ਨੂੰ ਕਾਬੂ ਕੀਤਾ।
ਪੁੱਛਗਿੱਛ ਦੌਰਾਨ ਸੂਮਿਤ ਵੱਲੋਂ ਚੋਰੀ ਕੀਤੀਆਂ ਛੇ ਹੋਰ ਮੋਟਰਸਾਈਕਲਾਂ ਵੀ ਬਰਾਮਦ ਕੀਤੀਆਂ ਗਈਆਂ। ਹੋਰ ਜਾਂਚ ਦੌਰਾਨ ਉਸਦਾ ਇੱਕ ਸਾਥੀ, ਜੋ ਸਮਾਨਾ ਦਾ ਰਹਿਣ ਵਾਲਾ ਹੈ, ਪੁਲਿਸ ਦੀ ਗ੍ਰਿਫ਼ਤ ‘ਚ ਆਇਆ ਅਤੇ ਉਸ ਤੋਂ ਚਾਰ ਹੋਰ ਮੋਟਰਸਾਈਕਲਾਂ ਬਰਾਮਦ ਹੋਈਆਂ।
ਡੀਐਸਪੀ ਸਤਨਾਮ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਵਾਹਨ ਚੋਰੀ ਦੀਆਂ ਵਧ ਰਹੀਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਨੇ ਸਖ਼ਤ ਡਰਾਈਵ ਚਲਾਈ ਹੋਈ ਹੈ। ਚੋਰੀਆਂ ‘ਚ ਸ਼ਾਮਲ ਨੈੱਟਵਰਕ ਨੂੰ ਤੋੜਨ ਲਈ ਅੱਗੇ ਵੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵਾਹਨ ਸੁਰੱਖਿਆ ਉੱਤੇ ਧਿਆਨ ਦੇਣ ਅਤੇ ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
ਪੁਲਿਸ ਹੋਰ ਵਾਹਨਾਂ ਦੀ ਬਰਾਮਦੀ ਅਤੇ ਗਿਰੋਹ ਦੇ ਹੋਰ ਸਦੱਸਾਂ ਦੀ ਗ੍ਰਿਫਤਾਰੀ ਲਈ ਜਾਂਚ ਜਾਰੀ ਰੱਖੇ ਹੋਈ ਹੈ।



