ਹਰਪ੍ਰੀਤ ਸਿੰਘ ਡੰਗ ਦੀ ਅਗਵਾਈ ਹੇਠ ਅਕਾਲੀ ਦਲ ਦਾ ਵਫਦ ਨਿਗਮ ਕਮਿਸ਼ਨਰ ਨੂੰ ਮਿਲਿਆ

ਲੁਧਿਆਣਾ, 9 ਅਕਤੂਬਰ (ਜਸਵੀਰ ਜੱਸੀ,ਦੀਵਾਨ ਸਿੰਘ): ਯੂਥ ਅਕਾਲੀ ਦਲ ਦੇ ਸੀਨੀਅਰ ਨੇਤਾ ਹਰਪ੍ਰੀਤ ਸਿੰਘ ਡੰਗ ਦੀ ਅਗਵਾਈ ਹੇਠ ਅਕਾਲੀ ਦਲ ਦਾ ਇੱਕ ਵਫਦ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਨੂੰ ਮਿਲਿਆ ਅਤੇ ਸਥਾਨਕ ਵਾਰਡ ਨੰਬਰ 46 ਅਤੇ ਇਸ ਦੇ ਆਲੇ ਦੁਆਲੇ ਪੈਂਦੇ ਵਾਰਡਾਂ ਵਿੱਚ ਰਹਿੰਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਕਮਿਸ਼ਨਰ ਨੂੰ ਜਾਣੂੰ ਕਰਵਾਇਆ। ਸ. ਡੰਗ ਨੇ ਦੱਸਿਆ ਕਿ ਵਫਦ ਨੇ ਕਮਿਸ਼ਨਰ ਨੂੰ ਦੱਸਿਆ ਕਿ ਇਹਨਾਂ ਵਾਰਡਾਂ ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਹੈ, ਕਈ ਸਟਰੀਟ ਲਾਈਟਾਂ ਵੀ ਲੰਬੇ ਅਰਸੇ ਤੋਂ ਬੰਦ ਪਈਆਂ ਹਨ, ਸੜਕਾਂ ਥਾਂ ਥਾਂ ਤੋਂ ਟੁੱਟੀਆਂ ਹੋਈਆਂ ਹਨ ਅਤੇ ਪੈਚ ਵਰਕ ਕੀਤੇ ਜਾਣ ਦੀ ਸਖਤ ਲੋੜ ਹੈ। ਉਨਾਂ ਨੇ ਕਮਿਸਨਰ ਨੂੰ ਹੋਰ ਸਮੱਸਿਆਵਾਂ ਤੋਂ ਵੀ ਜਾਣੂੰ ਕਰਾਇਆ। ਉਨਾਂ ਦੱਸਿਆ ਕਿ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਬੁਲਾ ਕੇ ਉਪਰੋਕਤ ਵਾਰਡਾਂ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੂਰ ਕਰਨ ਲਈ ਉਹਨਾਂ ਦੀਆਂ ਡਿਊਟੀਆਂ ਲਗਾਈਆਂ। ਸ. ਡੰਗ ਨੇ ਕਿਹਾ ਕਿ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਭਵਿੱਖ ਵਿੱਚ ਵੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਿਲ ਕੇ ਜਾਣੂੰ ਕਰਵਾਉਂਦੇ ਰਹਿਣਗੇ ਅਤੇ ਲੋਕਾਂ ਦੀ ਹਰ ਸਮੱਸਿਆ ਨੂੰ ਹੱਲ ਕਰਾਉਣ ਲਈ ਪੂਰੀ ਵਾਹ ਲਾ ਦੇਣਗੇ। ਇਸ ਮੌਕੇ ਉਨਾਂ ਨਾਲ ਪਲਵਿੰਦਰ ਸਿੰਘ ਭੁੱਲਰ, ਚਰਨਜੀਤ ਸਿੰਘ, ਰਾਗਨ ਜੰਵੰਦਾ, ਕਵਲਦੀਪ ਸਿੰਘ ਬਹਿਲ, ਵਰਿੰਦਰਦੀਪ ਸਿੰਘ, ਚਰਨਜੀਤ ਸਿੰਘ ਪਾਹਵਾ ਅਤੇ ਮਨਸਿਮਰਨ ਸਿੰਘ ਆਦਿ ਵੀ ਮੌਜੂਦ ਸਨ।



