ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਉਘੀਆਂ ਸਖ਼ਸ਼ੀਅਤਾਂ ਦਾ ਕੀਤਾ ਗਿਆ ਸਨਮਾਨ

ਮੁੱਲਾਂਪੁਰ ਦਾਖਾ, 21 ਅਕਤੂਬਰ (ਮੁਨੀਸ਼ ਭਾਂਬਰੀ)- ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ ਨੇ ਅੱਜ ਗੁਰਦੁਆਰਾ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰ ਅਜੀਤ ਸਿੰਘ ਬਾਰੀ, ਕਲਕੱਤਾ ਦੇ ਉੱਘੇ ਟਰਾਂਸਪੋਰਟਰ ਗੁਰਦੀਪ ਸਿੰਘ ਚੀਮਾ ਅਤੇ ਗੁਰਮੇਲ ਸਿੰਘ ਲਾਪਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ, ਸ਼ਾਲ ਅਤੇ ਮੈਡਲ ਭੇਂਟ ਕੀਤਾ।
ਇਸ ਸਮੇਂ ਸ਼੍ਰੀ ਬਾਵਾ ਨੇ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 353 ਵੇਂ ਜਨਮ ਉਤਸਵ ਤੇ ਮੁੱਖ ਤੌਰ ਤੇ ਆਉਣ ਲਈ ਅਤੇ ਬਾਬਾ ਅਜੈ ਸਿੰਘ ਜੀ ਦੇ ਬੁੱਤ ਦੇ ਸਥਾਪਤੀ ਸਮਾਗਮ ਚ ਸ਼ਿਰਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ, ਸੰਤ ਬਾਬਾ ਬਲਵੀਰ ਸਿੰਘ ਲੰਮੇਜੱਟਪੁਰੇ ਵਾਲੇ, ਨਿਹੰਗ ਮੁਖੀ ਤਰਨਾ ਦਲ ਚੌਂਕ ਮਹਿਤਾ ਬਾਬਾ ਬਲਵਿੰਦਰ ਸਿੰਘ, ਨਿਹੰਗ ਸਿੰਘ, ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨੇ ਘੋੜਿਆਂ ਸਮੇਤ ਆ ਕੇ ਰਸਮਾਂ ਨਿਭਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਇਸ ਮੌਕੇ ਉੱਘੇ ਇਤਿਹਾਸਕਾਰ ਡਾ. ਸ਼ਿਵਰਾਜ ਸਿੰਘ ਪਟਿਆਲਾ, ਪ੍ਰੋ. ਗੁਰਭਜਨ ਗਿੱਲ, ਪ੍ਰੋ. ਨਿਰਮਲ ਜੌੜਾ, ਸਿੰਮੀ ਕਵਾਤਰਾ ਸਮਾਜ ਸੇਵਿਕਾ, ਉਮਰਾਓ ਸਿੰਘ ਛੀਨਾ, ਗੁਰਦੇਵ ਸਿੰਘ ਲਾਪਰਾਂ, ਢਾਡੀ, ਕਵੀਸ਼ਰੀ ਸਭ ਦਾ ਧੰਨਵਾਦ ਕੀਤਾ। ਉਹਨਾਂ ਵਿਦੇਸ਼ਾਂ ਚ ਬੈਠੇ ਉਹਨਾਂ ਫਾਊਂਡੇਸ਼ਨ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾ ਨੇ ਹਮੇਸ਼ਾ ਬਾਬਾ ਅਜੈ ਸਿੰਘ ਦੀ ਕੁਰਬਾਨੀ ਦਾ ਸਤਿਕਾਰ ਕਰਦੇ ਹੋਏ ਉਹਨਾਂ ਦੀ ਢੁਕਵੀਂ ਯਾਦ ਬਣਾਉਣ ਦੀ ਗੱਲ ਕੀਤੀ ਸੀ ਜਿੰਨਾ ਵਿਚ ਅਮਰੀਕਾ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਟਰੱਸਟੀ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਪਰਮਿੰਦਰ ਸਿੰਘ ਦਿਉਲ, ਮੇਜਰ ਸਿੰਘ ਢਿੱਲੋਂ, ਨਿਰਮਲ ਸਿੰਘ ਗਰੇਵਾਲ ਅਤੇ ਕੈਨੇਡਾ ਤੋਂ ਹਰਬੰਤ ਸਿੰਘ ਦਿਉਲ ਹੈਪੀ, ਅਸ਼ੋਕ ਬਾਵਾ, ਟਰੱਸਟੀ ਬਿੰਦਰ ਗਰੇਵਾਲ, ਪ੍ਰੀਤਮ ਗਰੇਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਦਿਲਾਂ ਵਿਚ ਹਮੇਸ਼ਾ ਸ਼ਹੀਦਾਂ ਦਾ ਸਤਿਕਾਰ ਵੱਸਦਾ ਹੈ ਅਤੇ ਇਹ ਹਮੇਸ਼ਾ ਯਾਦ ਕਰਨ ਵਿਚ ਮੋਹਰੀ ਰੋਲ ਅਦਾ ਕਰਦੇ ਹਨ। ਉਹਨਾਂ ਇਸ ਸਮੇਂ ਐਨ.ਆਰ.ਆਈ ਨੂੰ ਵਿਦੇਸ਼ਾਂ ਚੋਂ ਆਉਣ ਸਮੇਂ ਆ ਰਹੀ ਸਮੱਸਿਆ ਤੇ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਬਿੰਦਰ ਗਰੇਵਾਲ ਅਤੇ ਪ੍ਰੀਤਮ ਗਰੇਵਾਲ ਵਰਗੇ ਭਰਾ ਹਰ ਸਾਲ ਆਪਣੇ ਪਿੰਡ ਬੀਲਾ ਆ ਕੇ ਸੈਂਕੜੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ ਪਰ ਹੁਣ ਉਹਨਾਂ ਨੂੰ ਭਾਰਤ ਆਉਣ ਵਿਚ ਸਮੱਸਿਆ ਆਉਣਾ ਚਿੰਤਾ ਦਾ ਵਿਸ਼ਾ ਹੈ। ਉਹਨਾਂ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਨੂੰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਲਈ ਅਤੇ ਹੱਲ ਕਰਨ ਦੀ ਅਪੀਲ ਕੀਤੀ।


